ਉਚੇਰੀ ਸਿੱਖਿਆ ਦੀਆਂ ਸਿਖਰਲੀਆਂ ਸੰਸਥਾਵਾਂ ਵਿਚੋਂ ਇੱਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਦੇ ਤੌਰ ‘ਤੇ ਸੇਵਾ ਨਿਭਾਉਣ ਦਾ ਮੌਕਾ ਮਿਲਣ ਉੱਤੇ ਮੈਂ ਮਾਣਮੱਤਾ ਮਹਿਸੂਸ ਕਰਦਾ ਹਾਂ। ਇਹ ਯੂਨੀਵਰਸਿਟੀ 30 ਅਪ੍ਰੈਲ 1962 ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਅਤੇ ਪੰਜਾਬੀ ਨੂੰ ਵਿਸ਼ਵ ਭਰ ਦੇ ਗਿਆਨ-ਸੰਚਾਰ ਅਤੇ ਉਤਪਾਦਨ ਦਾ ਮਾਧਿਅਮ ਬਣਾਉਣ ਦੇ ਮਕਸਦ ਨਾਲ ਸਥਾਪਿਤ ਕੀਤੀ ਗਈ ਸੀ | ਭਾਸ਼ਾ ਦੇ ਨਾਂ ਉੱਤੇ ਬਣਨ ਵਾਲੀ ਇਹ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਸੀ। ਹੁਣ ਇਹ ਯੂਨੀਵਰਸਿਟੀ ਜੀਵ ਵਿਗਿਆਨਾਂ, ਭੌਤਿਕ ਵਿਗਿਆਨਾਂ, ਮੈਡੀਸਨ, ਇੰਜਨੀਅਰਿੰਗ, ਤਕਨਾਲੋਜੀ, ਬਿਜ਼ਨੱਸ-ਅਧਿਐਨ, ਕਾਨੂੰਨ, ਸਮਾਜਕ ਵਿਗਿਆਨਾਂ, ਭਾਸ਼ਾਵਾਂ, ਸਿੱਖਿਆ, ਸੂਚਨਾ-ਵਿਗਿਆਨਾਂ, ਕਲਾ ਅਤੇ ਸਭਿਆਚਾਰ ਦੇ ਖੇਤਰਾਂ ਵਿਚ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਅਤੇ ਨਵੀਨਤਮ ਖੋਜਾਂ ਕਰਨ ਵਾਲੀ ਮੁਖ ਸੰਸਥਾ ਦੇ ਤੌਰ ‘ਤੇ ਸਾਹਮਣੇ ਆਈ ਹੈ। ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੀਸ਼ਨ ਕਾਉਂਸਿਲ (ਐੱਨ.ਏ.ਏ.ਸੀ.) ਨੇ ਯੂਨੀਵਰਸਿਟੀ ਦੀ ਸਮੁੱਚੀ ਕਾਰਗ਼ੁਜ਼ਾਰੀ ਦਾ ਮੁਲਾਂਕਣ ਕਰਦਿਆਂ ਪਹਿਲੇ ਗੇੜ (2002-07) ਵਿਚ ਪੰਜ ਸਟਾਰ ਗਰੇਡ ਪ੍ਰਦਾਨ ਕੀਤਾ ਸੀ, ਦੂਜੇ ਗੇੜ (2008-13) ਅਤੇ ਤੀਜੇ ਗੇੜ (2016-23) ਵਿਚ ‘ਏ’ ਗਰੇਡ ਪ੍ਰਦਾਨ ਕੀਤਾ ਸੀ। ਇਸ ਸਮੇਂ ਯੂਨੀਵਰਸਿਟੀ ਵਿਚ sixty five ਅਧਿਆਪਨ ਅਤੇ ਖੋਜ ਵਿਭਾਗ, 275 ਸੰਬੰਧਤਾ ਪ੍ਰਾਪਤ ਕਾਲਜ, five ਨੇਬਰਹੁੱਡ ਕੈਂਪਸ, 14 ਕਾਂਸਟੀਚੁਐਂਟ ਕਾਲਜ ਅਤੇ four ਰੀਜਨਲ ਸੈਂਟਰ ਹਨ। ਇੰਝ ਸਮੁੱਚੀ ਯੂਨੀਵਰਸਿਟੀ ਵਿਚ ਚੱਲਦੇ ਵੱਖ ਵੱਖ ਕੋਰਸਾਂ ਵਿਚ 14000 ਦੇ ਕਰੀਬ ਵਿਦਿਆਰਥੀਆਂ ਨੂੰ ਦਾਖ਼ਲ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪੇਂਡੂ ਪਿਛੋਕੜ ਵਾਲੇ ਉਨ੍ਹਾਂ ਵਿਦਿਆਰਥੀਆਂ ਦੀ ਹੈ, ਜਿਨ੍ਹਾਂ ਦੇ ਵਿੱਤੀ ਸਰੋਤ ਬਹੁਤ ਸੀਮਿਤ ਹਨ। ਖੇਡਾਂ ਦੇ ਖੇਤਰ ਵਿੱਚ ਯੂਨੀਵਰਸਿਟੀ ਦਾ ਪ੍ਰਦਰਸ਼ਨ ਮਿਸਾਲੀ ਰਿਹਾ ਹੈ, ਇਸ ਨੇ ਭਾਰਤ ਸਰਕਾਰ ਵੱਲੋਂ ਖੇਡ ਮੁਕਾਬਲਿਆਂ ਵਿਚ ਸਾਰੇ ਭਾਰਤ ਵਿਚੋਂ ਸਰਬੋਤਮ ਪ੍ਰਦਰਸ਼ਨ ਕਰਨ ਵਾਲੀ ਇੱਕ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਹੁਣ ਤਕ 10 ਵਾਰ ਜਿੱਤੀ ਹੈ।
ਮੈਂ ਇਸ ਵੱਕਾਰੀ ਯੂਨੀਵਰਸਿਟੀ ਦੇ ਸੁਨਹਿਰੇ ਭਵਿੱਖ ਦੀ ਕਲਪਨਾ ਕਰਦਾ ਹਾਂ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਇਸ ਸੰਸਥਾ ਵਿਚ ਆਕਦਮਿਕ ਉੱਤਮਤਾ ਦਾ ਮਹੌਲ ਪੈਦਾ ਕੀਤਾ ਜਾਵੇ, ਤਾਂ ਜੋ ਖਿੱਤੇ ਵਿਚਲੀਆਂ ਨੇੜੇ ਤੇੜੇ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ ਨਾਲ ਭਾਈਵਾਲੀ ਕਰਕੇ ਇਸ ਨੂੰ ਪਟਿਆਲਾ ਵਿਚ ਗਿਆਨ ਦੇ ਇੱਕ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਸਕੇ। ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਪੰਜਾਬ ਅਤੇ ਪੰਜਾਬੀ ਭਾਸ਼ਾ ਲਈ ਮਸਨੂਈ-ਬੁੱਧੀ ਤੇ ਮਸ਼ੀਨ-ਸਿਖਲਾਈ, ਤੇ ਅਧਾਰਤ ਉਪਕਰਨ ਵਿਕਸਿਤ ਕਰੀਏ, ਐਗਰੋ-ਈਕੌਲੋਜੀ (ਖੇਤੀ-ਪਰਿਆਵਰਣ ਵਿਗਿਆਨ), ਡਾਟਾ-ਵਿਗਿਆਨ ਆਦਿ ਖੇਤਰਾਂ ਵਿਚ ਅੰਤਰ-ਅਨੁਸ਼ਾਸਨੀ, ਬਹੁ-ਅਨੁਸ਼ਾਸਨੀ ਅਤੇ ਕੁਸ਼ਲਤਾ-ਆਧਾਰਿਤ ਕੋਰਸ ਸ਼ੁਰੂ ਕੀਤੇ ਜਾਣਗੇ ਅਤੇ ਸਿੱਟੇ ਵਜੋਂ ਉੱਚ ਕੁਸ਼ਲਤਾ ਪ੍ਰਾਪਤ, ਆਲੋਚਨਾਤਮਕ ਸੋਝੀ, ਵਿਗਿਆਨਕ ਫ਼ਿਤਰਤ ਅਤੇ ਮਾਨਵੀ ਗੁਣਾਂ ਨਾਲ ਭਰਪੂਰ, ਧਰਮਨਿਰਪੱਖ ਤੇ ਨੈਤਿਕ ਕਦਰਾਂ ਨੂੰ ਪਰਨਾਏ ਪ੍ਰਤਿਬੱਧ ਨੌਜਵਾਨ ਪੈਦਾ ਕੀਤੇ ਜਾਣ। ਯੂਨੀਵਰਸਿਟੀ ਅਧਿਆਪਕਾਂ ਵੱਲੋਂ ਪਾਏ ਲਾਮਿਸਾਲ ਯੋਗਦਾਨ ਦੇ ਬਲਬੂਤੇ, ਵਿਦਿਆਰਥੀਆਂ ਅਤੇ ਗ਼ੈਰ-ਅਧਿਆਪਨ ਅਮਲੇ ਅਤੇ ਇਸ ਨਾਲ ਅਪਣੱਤ ਮਹਿਸੂਸ ਕਰਨ ਵਾਲੇ ਲੋਕਾਂ ਦੇ ਜੋਸ਼ ਅਤੇ ਅਣਥੱਕ ਕਾਰਜਾਂ ਕਰਕੇ 60 ਸਾਲ ਤੋਂ ਵਧੇਰੇ ਸਮਾਂ ਪਹਿਲਾਂ ਹੋਂਦ ਵਿਚ ਆਉਣ ਉਪਰੰਤ ਇਸ ਸ਼ਾਨਦਾਰ ਯੂਨੀਵਰਸਿਟੀ ਨੇ ਲਗਾਤਾਰ ਉੱਚੀਆਂ ਤੋਂ ਉਚੇਰੀਆਂ ਸਿਖਰਾਂ ਛੋਹੀਆਂ ਹਨ। ਮੈਂ ਤਹਿ ਦਿਲੋਂ ਇਨ੍ਹਾਂ ਸਾਰਿਆਂ ਦੇ ਮੂਲਭੂਤ ਯੋਗਦਾਨ ਦਾ ਇਹਤਰਾਮ ਕਰਦਾ ਹਾਂ।
ਪੰਜਾਬੀ ਯੂਨੀਵਰਸਿਟੀ ਬਾਰੇ
ਪੰਜਾਬ ਵਿਧਾਨ ਸਭਾ ਨੇ 1961 ਦੇ ਪੰਜਾਬ ਐਕਟ ਨੰ. 35 ਅਧੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ 30 ਅਪ੍ਰੈਲ 1962 ਨੂੰ ਕੀਤੀ ਗਈ। ਇਸ ਉਪਰੰਤ ਭਾਰਤ ਦੇ ਰਾਸ਼ਟਰਪਤੀ ਡਾ. ਐਸ. ਰਾਧਾ. ਕ੍ਰਿਸ਼ਨਨ ਵਲੋਂ 24 ਜੂਨ 1962 ਈ. ਵਿਚ ਇਸਦਾ ਨੀਂਹ ਪੱਥਰ ਰੱਖਿਆ ਗਿਆ। ਉਹਨਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਉੱਚ ਸਿੱਖਿਆ ਦੇਣ ਵਾਲੀਆ ਸੰਸਥਾਵਾਂ ਦੇਸ਼/ਕੌਮ ਦੀ ਉਸਾਰੀ ਵਿਚ ਅਹਿਮ ਯੋਗਦਾਨ ਨਿਭਾਉਂਦੀਆਂ ਹਨ। ਸਾਡਾ ਟੀਚਾ ਲੋਕਤੰਤਰ ਭਾਰਤ ਵਿਚ ਸ਼ਕਤੀਸ਼ਾਲੀ ਅਤੇ ਆਜ਼ਾਦ ਨਾਗਰਿਕ ਬਣਾਉਣਾ ਹੈ ਜਿਹਨਾਂ ਵਿਚ ਵਧਣ-ਫੁੱਲਣ ਦੀ ਬਰਾਬਰ ਸੰਭਾਵਨਾ ਹੋਵੇ। ਇਸ ਕੰਮ ਲਈ ਅਹਿਮ ਜ਼ਿੰਮੇਵਾਰੀ ਯੂਨੀਵਰਸਿਟੀਆਂ ਦੀ ਹੁੰਦੀ ਹੈ। ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਸ਼ਾਹੀ ਰਿਆਸਤ ਪਟਿਆਲਾ ਵਿਚ ਸਥਾਪਤ ਪੰਜਾਬੀ ਯੂਨੀਵਰਸਿਟੀ ਦੁਨੀਆਂ ਦੀ ਅਜਿਹੀ ਦੂਜੀ ਯੂਨੀਵਰਸਿਟੀ ਹੈ, ਜੋ ਭਾਸ਼ਾ ਦੇ ਨਾਮ ‘ਤੇ ਸਥਾਪਿਤ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮੰਤਵ, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ। ਪੰਜਾਬੀ ਯੂਨੀਵਰਸਿਟੀ ਕੇਵਲ ਪੰਜਾਬੀ ਭਾਸ਼ਾ ਨੂੰ ਲੈ ਕੇ ਹੀ ਕਾਰਜਸ਼ੀਲ ਨਹੀਂ ਬਲਕਿ ਇਸ ਵਿਚ ਵੱਖ-ਵੱਖ ਗਿਆਨ ਖੇਤਰਾਂ ਨਾਲ ਸਬੰਧਿਤ 70 ਦੇ ਲਗਭਗ ਵਿਭਾਗ ਹਨ, ਜਿਨ੍ਹਾਂ ਵਿੱਚ ਜਿੱਥੇ ਸਾਇੰਸ, ਇੰਜੀਨੀਅਰਿੰਗ, ਸੋਸ਼ਲ ਸਾਇੰਸਜ, ਧਰਮ, ਅਰਥ ਸ਼ਾਸਤਰ, ਮਨੈਜਮੈਂਟ ਆਦਿ ਖੇਤਰਾਂ ਨਾਲ ਸਬੰਧਿਤ ਅਧਿਆਪਨ ਕਾਰਜ ਕਰਵਾਇਆ ਜਾਂਦਾ ਹੈ, ਉਥੇ ਇਨ੍ਹਾਂ ਖੇਤਰਾਂ ਨਾਲ ਜੁੜੇ ਵਿਸ਼ਿਆਂ ਵਿਚ ਐੱਮ.ਫਿਲ ਅਤੇ ਪੀਐੱਚ. ਡੀ ਪੱਧਰ ਦਾ ਖੋਜ ਕਾਰਜ ਵੀ ਕਰਵਾਇਆ ਜਾਂਦਾ ਹੈ। ਇਸ ਯੂਨੀਵਰਸਿਟੀ ਨਾਲ ਸਬੰਧਿਤ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਜਿਵੇਂ ਫਿਲਮ ਅਤੇ ਸੰਗੀਤ ਜਗਤ ਨਾਲ ਸਬੰਧਿਤ ਵੱਡੇ ਚਿਹਰੇ ਇਸ ਯੂਨੀਵਰਸਿਟੀ ਦੇ ਪੈਦਾ ਕੀਤੇ ਹਨ। ਇਸਦੇ ਨਾਲ ਜੁੜੇ ਵਿਦਵਾਨ ਤੇ ਆਲੋਚਕ ਅੰਤਰ-ਰਾਸ਼ਟਰੀ ਪ੍ਰਸਿੱਧੀ ਰੱਖਦੇ ਹੋਏ ਵਿਸ਼ਵ ਪੱਧਰ ਦੀਆਂ ਕਾਨਫ਼ਰੰਸਾਂ ਵਿਚ ਆਪਣੇ ਮੁੱਲਵਾਨ ਵਿਚਾਰ ਪੇਸ਼ ਕਰਦੇ ਰਹੇ ਹਨ। ਪੰਜਾਬੀ ਯੂਨੀਵਰਸਿਟੀ 316 ਏਕੜ ਦੇ ਹਰੇ-ਭਰੇ ਪ੍ਰਦੂਸ਼ਣ ਮੁਕਤ ਕੈਂਪਸ ਵਿੱਚ 1965 ਤੋਂ ਵਿਦਿਆ ਦਾ ਚਾਨਣ ਵੰਡ ਰਹੀ ਹੈ।